ਕੰਧਾਂ ਨੂੰ ਸਭ ਯਾਦ ਰਹਿੰਦਾ ਹੈ
ਘਰ ਦੀ ਹਰ ਇੱਕ ਕੰਧ ਦੇਖੋ।
ਉਸਨੂੰ ਯਾਦ ਹੈ ਉਹ ਦਿਨ,
ਜਦੋਂ ਘਰ ਵਿੱਚ ਪਹਿਲੇ ਬੱਚੇ ਨੇ ਜਨਮ ਲਿਆ ਸੀ
ਤੇ ਰੋਣ ਦੀ ਆਵਾਜ਼ ਗੂੰਜੀ ਸੀ।
ਇਹਨਾਂ ਕੰਧਾਂ ਨੇ ਮਾਂ ਦੀਆਂ ਲੋਰੀਆਂ ਸੁਣੀਆਂ ਹਨ।
ਬਾਪੂ ਦੀ ਥੱਕੀ ਹੋਈ ਆਵਾਜ਼ ਸੁਣੀ ਤੇ ਚਾਲ ਦੇਖੀ ਹੈ।
ਬੱਚਿਆਂ ਦੀਆਂ ਸ਼ਰਾਰਤਾਂ, ਉਸ ਉੱਤੇ ਪਾਈਆਂ ਝਰੀਟਾਂ ਸਹੀਆਂ ਨੇ,
ਕਦੇ ਗੇਂਦ ਦੀ ਸੱਟ, ਕਦੇ ਪੈਨਸਿਲ ਦੀ ਲਕੀਰ,
ਕਦੇ ਹੱਥਾਂ ਦੇ ਨਿਸ਼ਾਨ, ਮੇਖਾਂ ਦੇ ਜ਼ਖ਼ਮ।
ਉਸਨੇ ਉਹ ਵੀ ਦੇਖਿਆ ਹੈ
ਜਦੋਂ ਘਰ ਦਾ ਜੀਅ ਪਹਿਲੀ ਵਾਰ ਸਕੂਲ ਗਿਆ ਸੀ।
ਕੰਧ ਨੇ ਉਸਦੀ ਕਿਤਾਬਾਂ ਵਾਲਾ ਮੇਜ਼ ਵੇਖਿਆ ਹੈ,
ਇਮਤਿਹਾਨਾਂ ਦੀ ਰਾਤ ਵੀ,
ਥੱਕੀਆਂ ਤੇ ਸੁਪਨੇ ਭਰੀਆਂ ਅੱਖਾਂ ਵੀ।
ਸਾਲ ਲੰਘਦੇ ਗਏ,
ਕੰਧ ਉੱਥੇ ਹੀ ਰਹੀ,
ਪਰ ਉਸਦੇ ਸਾਹਮਣੇ ਖੜ੍ਹੇ ਲੋਕ ਹਰ ਪਲ, ਹਰ ਘੜੀ ਬਦਲਦੇ ਗਏ।
ਘਰ ਵਿੱਚ ਖੁਸ਼ੀ ਆਉਂਦੀ ਹੈ ਤਾਂ
ਕੰਧਾਂ ਵੀ ਸੁੱਖ ਦਾ ਜਿਵੇਂ ਸਾਹ ਲੈਣ ਲੱਗਦੀਆਂ ਨੇ।
ਕਿਸੇ ਦੇ ਵਿਆਹ ਦੀ ਤਿਆਰੀ ਹੋਣ ਲੱਗਦੀ ਹੈ,
ਕਿਸੇ ਦੀ ਨੌਕਰੀ ਲੱਗਣ ਦੀ ਖ਼ਬਰ ਰੂਹ ਖੁਸ਼ ਕਰ ਦਿੰਦੀ ਹੈ,
ਕਿਸੇ ਬੱਚੇ ਦੇ ਜਨਮ ਦੀ ਖੁਸ਼ੀ ਹੁੰਦੀ ਹੈ,
ਜਾਂ ਸਾਲਾਂ ਬਾਅਦ ਘਰ ਪਰਤਿਆ ਕੋਈ ਜੀਅ
ਘਰ ਦੀਆਂ ਕੰਧਾਂ ਸਭ ਕੁਝ ਸੁਣਦੀਆਂ ਨੇ।
ਕਦੇ ਢੋਲ ਦੀ ਥਾਪ,
ਕਦੇ ਹਾਸਿਆਂ ਦੇ ਠਹਾਕੇ,
ਕਦੇ ਰਸੋਈ ਵਿੱਚੋਂ ਆਉਂਦੀ ਖੁਸ਼ਬੂ
ਇਹ ਸਭ ਕੰਧਾਂ ਲਈ ਪੂਰੀ ਕਹਾਣੀ ਹੁੰਦਾ ਹੈ।
ਕਈ ਕੰਧਾਂ ਨੂੰ ਸਿਰਫ ਰੋਂਦੀ ਆਵਾਜ਼ਾਂ ਯਾਦ ਹਨ,
ਕੁਝ ਘਰਾਂ ਦੀਆਂ ਕੰਧਾਂ ਨੇ ਐਹੋ ਜਿਹੀਆਂ ਰਾਤਾਂ ਵੀ ਦੇਖੀਆਂ ਹੁੰਦੀਆਂ ਨੇ,
ਜਦੋਂ ਪੂਰਾ ਘਰ ਜਾਗਦਾ ਰਿਹਾ ਤੇ ਕੋਈ ਬੋਲਿਆ ਨਹੀਂ।
ਕਿਸੇ ਦੀ ਬਿਮਾਰੀ,
ਕਿਸੇ ਦਾ ਵਿਛੋੜਾ,
ਕਿਸੇ ਦੀ ਮੌਤ,
ਕਿਸੇ ਦੀ ਨਾਕਾਮੀ
ਜਾਂ ਕਿਸੇ ਅਜਿਹੇ ਦਰਦ ਦੀ ਰਾਤ ਜਿਸਦਾ ਇਲਾਜ ਕਿਸੇ ਕੋਲ ਨਹੀਂ ਸੀ।
ਉਹਨਾਂ ਰਾਤਾਂ ਵਿੱਚ ਘਰ ਦੀਆਂ ਕੰਧਾਂ ਵੀ ਚੁੱਪ ਹੋ ਗਈਆਂ।
ਘੜੀ ਦੀ ਟਿੱਕ-ਟਿੱਕ ਵੀ ਉੱਚੀ ਸੁਣਾਈ ਦਿੱਤੀ।
ਅਤੇ ਕੰਧਾਂ ਨੇ...
ਉਹ ਸਭ ਕੁਝ ਆਪਣੇ ਅੰਦਰ ਸੋਖ ਲਿਆ।
ਕਿਸੇ ਮਾਂ ਦੇ ਹੰਝੂ,
ਕਿਸੇ ਪਿਉ ਦੀ ਚੁੱਪ,
ਕਿਸੇ ਭੈਣ ਦੀ ਸਿਸਕੀ,
ਕਿਸੇ ਭਰਾ ਦਾ ਲੁਕਾਇਆ ਦਰਦ।
ਕੰਧਾਂ ਕਦੇ ਪੁੱਛਦੀਆਂ ਨਹੀਂ।
ਬਸ ਖੜ੍ਹੀਆਂ ਰਹਿੰਦੀਆਂ ਨੇ ਦਰਦਾਂ ਨਾਲ ਭਰਕੇ ਸਾਲੋ-ਸਾਲ।
ਘਰ ਦੀਆਂ ਕੰਧਾਂ ਨੇ ਉਹ ਵਕਤ ਵੀ ਦੇਖੇ,
ਜਦੋਂ ਇਨਸਾਨ ਸੋਚਦਾ ਹੈ ਕਿ ਉਸ ਪੱਲੇ ਕੁਝ ਨਹੀਂ ਬਚਿਆ।
ਫਿਰ ਅਚਾਨਕ ਕੋਈ ਰਹਿਮਤ ਦਾ ਦਰਵਾਜ਼ਾ ਖੁੱਲ੍ਹਦਾ ਹੈ।
ਕੋਈ ਚੰਗੀ ਖ਼ਬਰ ਆਉਂਦੀ ਹੈ।
ਕੋਈ ਆਪਣਾ ਮੁੜ ਆਉਂਦਾ ਹੈ।
ਕੋਈ ਰਹਿਮਤ ਬਣਕੇ ਕਿਸੇ ਹੋਰ ਭੇਸ ਵਿਚ,
ਅਤੇ ਘਰ ਵਿੱਚ ਇੱਕ ਅਜਿਹੀ ਰੌਸ਼ਨੀ ਫੈਲਦੀ ਹੈ ਜੋ ਕਈ ਬਲਬਾਂ ਨਾਲ ਵੀ ਨਹੀਂ ਹੋਣੀ।
ਕੰਧਾਂ ਉਸ ਰੌਸ਼ਨੀ ਨੂੰ ਵੀ ਆਪਣੇ ਅੰਦਰ ਰੱਖ ਲੈਂਦੀਆਂ ਨੇ।
ਸ਼ਾਇਦ ਇਸੇ ਲਈ ਕੁਝ ਘਰਾਂ ਵਿੱਚ ਦਾਖ਼ਲ ਹੁੰਦਿਆਂ ਹੀ ਦਿਲ ਨੂੰ ਅਜੀਬ ਜਿਹੀ ਸ਼ਾਂਤੀ, ਸੁਕੂਨ ਮਿਲਦੀ ਹੈ।
ਉੱਥੇ ਸਿਰਫ਼ ਹਵਾ ਨਹੀਂ ਹੁੰਦੀ,
ਉੱਥੇ ਦੁਆਵਾਂ ਵੱਸਦੀਆਂ ਨੇ।
ਕੰਧਾਂ ਨਾਮੋਸ਼ੀ ਵੀ ਜਾਣਦੀਆਂ ਨੇ
ਕਈ ਵਾਰ ਘਰ ਵਿੱਚ ਸਭ ਕੁਝ ਠੀਕ ਦਿਖਾਈ ਦਿੰਦਾ ਹੈ।
ਕੰਧਾਂ ਖੜ੍ਹੀਆਂ ਨੇ, ਦਰਵਾਜ਼ੇ ਬੰਦ ਨੇ।
ਰਸੋਈ ਵਿੱਚ ਚੁੱਲ੍ਹਾ ਜਲ ਰਿਹਾ ਹੈ।
ਟੀਵੀ ਚੱਲ ਰਿਹਾ ਹੈ,
ਗੁਰਬਾਣੀ ਦੀ ਉੱਚੀ ਆਵਾਜ਼ ਵਿੱਚ ਸ਼ਬਦ ਚੱਲ ਰਹੇ ਹਨ,
ਪਰ ਘਰ ਦੇ ਲੋਕਾਂ ਦੇ ਦਿਲਾਂ ਵਿਚਕਾਰ ਕੁਝ ਟੁੱਟਿਆ ਹੁੰਦਾ ਹੈ।
ਇੱਕ ਦੂਜੇ ਨਾਲ ਚਤੁਰਾਈਆਂ ਕਰਨ ਲੱਗੇ ਹੋਏ ਹਨ
ਕੋਈ ਕਿਸੇ ਨਾਲ ਗੱਲ ਨਹੀਂ ਕਰਦਾ।
ਇੱਕੋ ਛੱਤ ਹੇਠਾਂ ਰਹਿਣ ਵਾਲੇ ਲੋਕ ਆਪਣੇ-ਆਪਣੇ ਕਮਰਿਆਂ ਵਿੱਚ ਕੈਦ ਹੋ ਜਾਂਦੇ ਨੇ।
ਕੰਧਾਂ ਇਹ ਨਾਮੋਸ਼ੀ ਵੀ ਮਹਿਸੂਸ ਕਰਦੀਆਂ ਨੇ।
ਉਹ ਜਾਣਦੀਆਂ ਨੇ ਕਿ ਕਈ ਵਾਰ ਘਰ ਵਿੱਚ
ਸਭ ਤੋਂ ਵੱਧ ਸ਼ੋਰ ਖ਼ਾਮੋਸ਼ੀ ਦਾ ਹੁੰਦਾ ਹੈ।
ਕੁਝ ਕੰਧਾਂ ਬੁੱਢੀਆਂ ਹੋ ਜਾਂਦੀਆਂ ਨੇ
ਸਮਾਂ ਲੰਘਦਾ ਹੈ,
ਕੰਧਾਂ ਉੱਤੇ ਕੀਤੀ ਕਲੀ ਫ਼ਿੱਕੀ ਪੈਣ ਲੱਗਦੀ ਹੈ।
ਕਿਤੇ ਦਰਾਰ ਪੈ ਜਾਂਦੀ ਹੈ।
ਕਿਤੇ ਪੁਰਾਣੀ ਤਸਵੀਰ ਦਾ ਨਿਸ਼ਾਨ ਰਹਿ ਜਾਂਦਾ ਹੈ।
ਪਲ਼ੰਗ ਡਾਹਿਆ ਦਾ ਡਾਹਿਆ ਰਹਿ ਗਿਆ,
ਕਿਤੇ ਬੱਚਿਆਂ ਦੀ ਉਚਾਈ ਮਾਪਣ ਵਾਲੀਆਂ ਲਕੀਰਾਂ ਅਜੇ ਵੀ ਨੇ।
ਅਸੀਂ ਉਹਨਾਂ ਨੂੰ ਪੁਰਾਣਾ ਕਹਿ ਕੇ ਨਵਾਂ ਪੇਂਟ ਕਰਵਾ ਦਿੰਦੇ ਹਾਂ।
ਪਰ ਕੀ ਯਾਦਾਂ ਉੱਤੇ ਵੀ ਨਵਾਂ ਰੰਗ ਚੜ੍ਹ ਸਕਦਾ ਹੈ?
ਨਹੀਂ!
ਕਿਉਂਕਿ ਕੰਧਾਂ ਦੀਆਂ ਦਰਾਰਾਂ ਵਿੱਚ ਵੀ ਕਹਾਣੀਆਂ ਵੱਸਦੀਆਂ ਨੇ।
ਉਹਨਾਂ ਵਿੱਚ ਕਿਸੇ ਦਾਦੀ ਦੀ ਆਵਾਜ਼ ਹੋਏਗੀ,
ਕਿਸੇ ਮਾਂ ਦੀ ਆਵਾਜ਼।
ਕਿਸੇ ਬੱਚੇ ਦਾ ਹਾਸਾ ਹੋਏਗਾ,
ਕਿਸੇ ਆਪਣੇ ਦੇ ਪੈਰਾਂ ਦੀਆਂ ਪੈੜਾਂ ਹੋਣਗੀਆਂ।
ਕਿਸੇ ਵਿਛੜੇ ਹੋਏ ਦੀ ਯਾਦ।
ਘਰ ਛੱਡਣ ਵਾਲੇ ਜਾਣਦੇ ਨੇ
ਆਪਣਾ ਪੁਰਾਣਾ ਘਰ ਛੱਡ ਕੇ ਦੂਰ ਚਲੇ ਜਾਣਾ ਕਿੰਨਾ ਬੇਚੈਨ ਕਰਦਾ ਹੈ,
ਉਹ ਜਾਣਦੇ ਨੇ ਕਿ ਘਰ ਤੋਂ ਦੂਰ ਹੋਣਾ ਸਿਰਫ਼ ਇੱਕ ਪਤਾ ਬਦਲਣਾ ਨਹੀਂ ਹੁੰਦਾ,
ਰੂਹ ਦੇ ਹਿੱਸੇ ਚੋਂ ਕੁਛ ਪਿੱਛੇ ਰਹਿ ਜਾਣਾ ਹੁੰਦਾ ਹੈ,
ਕਈ ਵਾਰ ਇਨਸਾਨ ਪਿੰਡ, ਸ਼ਹਿਰ ਬਦਲ ਲੈਂਦਾ ਹੈ,
ਦੇਸ਼ ਬਦਲ ਲੈਂਦਾ ਹੈ,
ਜ਼ਿੰਦਗੀ ਬਦਲ ਲੈਂਦਾ ਹੈ,
ਪਰ ਘਰ ਦੀਆਂ ਪੁਰਾਣੀਆਂ ਕੰਧਾਂ ਉਸਦੇ ਅੰਦਰ ਕਿਤੇ ਰਹਿ ਜਾਂਦੀਆਂ ਹਨ,
ਕਦੇ ਕਿਸੇ ਪੁਰਾਣੇ ਗੀਤ ਨਾਲ,
ਕਦੇ ਮੀਂਹ ਦੀ ਖੁਸ਼ਬੂ ਨਾਲ,
ਕਦੇ ਰਸੋਈ ਦੀ ਕਿਸੇ ਜਾਣੀ-ਪਛਾਣੀ ਮਹਿਕ ਨਾਲ,
ਕਦੇ ਕਿਸੇ ਪੁਰਾਣੀ ਤਸਵੀਰ ਨਾਲ,
ਕਿਤੇ ਪੁਰਾਣੇ ਟੰਗੇ ਜਿੰਦਰੇ ਨਾਲ,
ਕਦੇ ਫੇਰ ਜਦ ਕਦੇ ਜ਼ਿਹਨ ਵਿਚ
ਅਚਾਨਕ ਉਹੀ ਘਰ ਸਾਹਮਣੇ ਆ ਖੜ੍ਹਦਾ ਹੈ।
ਅਤੇ ਦਿਲ ਪੁੱਛਦਾ ਹੈ,
“ਕੀ ਉਹ ਕੰਧ ਅਜੇ ਵੀ ਮੈਨੂੰ ਯਾਦ ਕਰਦੀ ਹੋਵੇਗੀ?”
ਸ਼ਾਇਦ ਹਾਂ।
ਕਿਉਂਕਿ ਜਿਨ੍ਹਾਂ ਕੰਧਾਂ ਨੇ ਸਾਡਾ ਬਚਪਨ ਦੇਖਿਆ ਹੋਵੇ,
ਉਹ ਸਾਨੂੰ ਇੰਨੀ ਆਸਾਨੀ ਨਾਲ ਕਿਵੇਂ ਭੁੱਲ ਸਕਦੀਆਂ ਨੇ?
ਘਰ ਦੀ ਖੂਬਸੂਰਤੀ ਮਹਿੰਗੇ ਫਰਨੀਚਰ ਵਿੱਚ ਨਹੀਂ ਹੁੰਦੀ।
ਨਾ ਹੀ ਵੱਡੀਆਂ ਖਿੜਕੀਆਂ, ਸੋਹਣੇ ਦਰਵਾਜ਼ਿਆਂ ਵਿੱਚ।
ਘਰ ਦੀ ਖੂਬਸੂਰਤੀ ਉਹਨਾਂ ਲੋਕਾਂ ਵਿੱਚ ਹੁੰਦੀ ਹੈ ਜੋ ਉਸਨੂੰ ਘਰ ਬਣਾਉਂਦੇ ਨੇ।
ਜਿੱਥੇ ਕੋਈ ਤੁਹਾਡੀ ਉਡੀਕ ਕਰਦਾ ਹੋਵੇ।
ਜਿੱਥੇ ਤੁਹਾਡੀ ਚੁੱਪ ਵੀ ਸਮਝ ਲਈ ਜਾਵੇ,
ਜਿੱਥੇ ਤੁਸੀਂ ਬਿਨ ਕਾਰਨ ਹੱਸ ਸਕੋ,
ਬਿਨਾਂ ਸ਼ਰਮ ਰੋ ਸਕੋ,
ਜਿੱਥੇ ਤੁਹਾਡੀਆਂ ਕਮਜ਼ੋਰੀਆਂ ਨੂੰ ਤੁਹਾਡੇ ਖ਼ਿਲਾਫ਼ ਵਰਤਿਆ ਨਾ ਜਾਵੇ।
ਅਤੇ ਜਿੱਥੇ ਵਾਪਸ ਆਉਂਦਿਆਂ ਦਿਲ ਨੂੰ ਯਕੀਨ ਹੋਵੇ,
“ਇਹ ਮੇਰਾ ਆਪਣਾ ਘਰ ਹੈ।”
ਸ਼ਾਇਦ ਇਸੇ ਕਰਕੇ ਘਰ ਦੀਆਂ ਕੰਧਾਂ ਵੀ ਮਹਿਸੂਸ ਕਰਦੀਆਂ ਨੇ।
ਕੰਧਾਂ ਸਾਡੇ ਨਾਲ ਹੱਸਦੀਆਂ ਨੇ,
ਸਾਡੇ ਨਾਲ ਰੋਂਦੀਆਂ ਨੇ,
ਸਾਡੇ ਰਾਜ਼ ਸਾਂਭੀ ਰੱਖਦੀਆਂ ਨੇ,
ਸਾਡੀਆਂ ਦੁਆਵਾਂ ਸੁਣਦੀਆਂ ਨੇ।
ਘਰ ਦੀਆਂ ਕੰਧਾਂ ਬੋਲਦੀਆਂ ਨਹੀਂ,
ਪਰ ਜੇ ਕਦੇ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰੋ,
ਤਾਂ ਸ਼ਾਇਦ ਉਹ ਤੁਹਾਨੂੰ ਤੁਹਾਡੀ ਹੀ ਪੁਰਾਣੀ ਕਹਾਣੀ ਸੁਣਾ ਦੇਣ।
ਅਤੇ ਸਾਡੇ ਚਲੇ ਜਾਣ ਤੋਂ ਬਾਅਦ ਵੀ,
ਕੰਧਾਂ ਵਿੱਚ ਸਾਡੀ ਰੂਹਾਂ ਸਾਹ ਲੈਂਦੀਆਂ ਹੋਣ।
ਅਸੀਂ ਸੋਚਦੇ ਹਾਂ ਕਿ ਘਰ ਇੱਟਾਂ, ਸੀਮੈਂਟ, ਦਰਵਾਜ਼ਿਆਂ ਤੇ ਖਿੜਕੀਆਂ ਨਾਲ ਬਣਦਾ ਹੈ। ਪਰ ਅਸਲ ਵਿੱਚ ਘਰ ਸਿਰਫ਼ ਇੱਕ ਇਮਾਰਤ ਨਹੀਂ ਹੁੰਦਾ। ਘਰ ਉਹ ਥਾਂ ਹੁੰਦੀ ਹੈ, ਜਿੱਥੇ ਹਾਸਾ ਕੰਧਾਂ ਨਾਲ ਟਕਰਾ ਕੇ ਮੁੜ ਆਉਂਦਾ ਹੈ, ਰੋਣਾ ਚੁੱਪਚਾਪ ਛੱਤ ਨਾਲ ਜਾ ਲੱਗਦਾ ਹੈ, ਤੇ ਖ਼ਾਮੋਸ਼ੀਆਂ ਵੀ ਆਪਣੀ ਕੋਈ ਭਾਸ਼ਾ ਬਣਾ ਲੈਂਦੀਆਂ ਨੇ। ਸ਼ਾਇਦ ਇਸੇ ਲਈ ਘਰ ਦੀਆਂ ਕੰਧਾਂ ਵੀ ਮਹਿਸੂਸ ਕਰਦੀਆਂ ਨੇ। ਉਹ ਅਪਣਾਪਾ ਵੀ ਮਹਿਸੂਸ ਕਰਦੀਆਂ ਨੇ, ਖੁਸ਼ੀ ਵੀ, ਗ਼ਮੀ ਵੀ, ਰਹਿਮਤ ਵੀ, ਨਾਮੋਸ਼ੀ ਵੀ ਤੇ ਉਹ ਖ਼ਾਮੋਸ਼ੀ ਵੀ—ਜਿਸਨੂੰ ਅਸੀਂ ਸ਼ਬਦਾਂ ਵਿੱਚ ਕਦੇ ਬਿਆਨ ਨਹੀਂ ਕਰ ਸਕਦੇ।
*
*
ਪੰਜਾਬੀ ਯਾਦਾਂ ਬਾਰੇ ਸਾਡਾ ਲੇਖ ਚੁੱਲ੍ਹਿਆਂ ਦੀ ਬਰਕਤ ਵੀ ਪੜ੍ਹੋ।

