ਨਾਭਾ ਰਿਆਸਤ (Nabha State) ਪੰਜਾਬ ਦੀਆਂ ਪ੍ਰਸਿੱਧ ਫੁਲਕੀਆਂ ਰਿਆਸਤਾਂ ਵਿੱਚੋਂ ਇੱਕ ਸੀ, ਜਿਸਦਾ ਇਤਿਹਾਸ ਸ਼ੌਰਿਆ, ਰਾਜਨੀਤੀ ਅਤੇ ਸੱਭਿਆਚਾਰ ਨਾਲ ਗੂੜ੍ਹਾ ਜੁੜਿਆ ਹੋਇਆ ਹੈ।
2 ਫਰਵਰੀ 2026 ਨੂੰ ਯੁਵਰਾਜ ਅਭੀ ਉਦੈਪ੍ਰਤਾਪ ਸਿੰਘ (Prince Abhi yudaypratap Singh), ਜੋ ਨਾਭਾ ਰਿਆਸਤ ਦੇ ਮਹਾਰਾਜਾ ਪ੍ਰਤਾਪ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਪੜਪੋਤੇ ਹਨ, ਦੀ ਦਸਤਾਰ ਬੰਦੀ ਹੋਈ, ਵੈਸੇ ਤਾਂ ਭਾਰਤ ਵਿੱਚ ਰਜਵਾੜਿਆਂ, ਰਿਆਸਤਾਂ ਦਾ ਦੌਰ 1948 ਤੋਂ ਬਾਅਦ ਖ਼ਤਮ ਹੋ ਚੁੱਕਿਆ ਹੈ, ਪਰ ਉਹਨਾਂ ਦੀ ਦਸਤਾਰਬੰਦੀ ਪੰਜਾਬ ਦੇ ਸਿੱਖ ਇਤਿਹਾਸ ਨੂੰ ਫੇਰ ਤੋਂ ਦੋਹਰਾ ਰਹੀ ਹੈ। ਨਾਭਾ ਦੇ ਹੀਰਾ ਮਹਿਲ ਵਿੱਚ 124 ਸਾਲ ਬਾਅਦ ਇੱਕ ਚੌਂਕੜੇ ਵਿੱਚ ਆਖੰਡ ਪਾਠ ਪ੍ਰਕਾਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਪੂਰੇ ਪੰਜਾਬ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।
ਵੈਸੇ ਤਾਂ ਭਾਰਤ ਵਿੱਚੋਂ ਰਾਜੇ ਮਹਾਰਾਜੇ, ਤੇ ਰਿਆਸਤੀ ਸੱਭਿਆਚਾਰ 1971 ਦੀ ਸੰਵਿਧਾਨਿਕ ਸ਼ੋਧ ਤੋਂ ਬਾਅਦ ਖ਼ਤਮ ਹੋ ਗਿਆ ਸੀ, ਪਰ ਫੇਰ ਵੀ ਸਿੱਖ ਇਤਿਹਾਸ ਦੀ ਗੱਲ ਕਹੀ ਜਾਣ ਤੇ ਪੰਜਾਬ ਤੇ ਪੰਜਾਬੀਆਂ ਦੇ ਦਿਲ ਖੁਸ਼ ਹੋ ਜਾਂਦੇ ਹਨ।
ਇਸ ਦਸਤਾਰਬੰਦੀ ਸਮਾਗਮ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦੇ ਹੋਏ ਕੁੰਵਰ ਅਭੀ ਉਦੈਪ੍ਰਤਾਪ ਸਿੰਘ ਨੇ ਪ੍ਰੈੱਸ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖੀ ਹੌਲੀ-ਹੌਲੀ ਸਾਡੇ ਜੀਵਨ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਮੁੜ ਜੋੜਨਾ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ੀ ਹੋਈ ਵਿਰਾਸਤ ਪ੍ਰਤੀ ਮਾਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਜਗਾਉਣਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦਸਤਾਰ ਸਿਰਫ਼ ਇੱਕ ਪਹਿਚਾਨ ਨਹੀਂ, ਸਗੋਂ ਸਿੱਖੀ ਦੀ ਸ਼ਾਨ, ਸਨਮਾਨ ਅਤੇ ਅਸੂਲਾਂ ਦੀ ਜੀਤੀ-ਜਾਗਦੀ ਨਿਸ਼ਾਨੀ ਹੈ।
ਅੰਤ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਵਿੱਚ ਸਿੱਖੀ ਪ੍ਰਤੀ ਪਿਆਰ, ਸਨਮਾਨ ਅਤੇ ਸਮਝ ਪੈਦਾ ਕਰਨ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਗੁਰੂਆਂ ਦੀ ਬਖ਼ਸ਼ੀ ਹੋਈ ਮਰਿਆਦਾ ਨੂੰ ਗਰੂਰ ਨਾਲ ਅੱਗੇ ਵਧਾ ਸਕੇ।
ਕੀ ਤੁਸੀਂ ਜਾਣਦੇ ਹੋ ਕੁੰਵਰ ਅਭੀ ਉਦੈਪ੍ਰਤਾਪ ਸਿੰਘ ਪਿਛੋਕੜ ਕੀ ਹੈ?
ਆਓ ਜਾਣਦੇ ਹਾਂ ;
ਫੁਲਕੀਆਂ ਵੰਸ਼ ਦੀ ਸ਼ੁਰੂਆਤ (The Phulkian Dynasty)
ਫੁਲਕੀਆਂ ਵੰਸ਼ ਦੀ ਸਥਾਪਨਾ 18ਵੀਂ ਸਦੀ ਵਿੱਚ ਬਾਬਾ ਚੌਧਰੀ ਫੂਲ ਸਿੰਘ (1623–1689) ਨੇ ਕੀਤੀ। ਬਾਬਾ ਫੂਲ ਸਿੰਘ ਇੱਕ ਆਤਮਿਕ ਅਤੇ ਸਹਸੀ ਪੁਰਖ ਸਨ, ਜੋ ਸਿੱਖ ਧਰਮ ਦੇ ਪ੍ਰਚਾਰਕ ਸਨ। ਉਹ ਸਿੱਖ ਧਰਮ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਅਤੇ ਸੱਤਵੇਂ ਗੁਰੂ, ਸ੍ਰੀ ਗੁਰੂ ਹਰਰਾਇ ਦੇ ਸਮੇਂ ਦੌਰਾਨ ਜੀਉਂਦੇ ਰਹੇ। ਉਨ੍ਹਾਂ ਦੇ ਪੁੱਤਰਾਂ ਅਤੇ ਵੰਸ਼ਜਾਂ ਨੇ ਸਮੇਂ ਦੇ ਨਾਲ ਸਿਆਸੀ ਅਤੇ ਸੈਨਾ ਤਾਕਤ ਹਾਸਲ ਕੀਤੀ। ਬਾਬਾ ਫੂਲ ਸਿੰਘ ਦੇ ਵੰਸ਼ ਤੋਂ ਹੀ ਅੱਗੇ ਚੱਲ ਕੇ ਤਿੰਨ ਪ੍ਰਮੁੱਖ ਰਿਆਸਤਾਂ ਬਣੀਆਂ:
ਪਟਿਆਲਾ ਰਿਆਸਤ ( Patiala State)
ਨਾਭਾ ਰਿਆਸਤ (Nabha State)
ਜੀਂਦ ਰਿਆਸਤ (Jind State)
ਇਹਨਾਂ ਤਿੰਨਾਂ ਨੂੰ ਫੁਲਕੀਆਂ ਰਿਆਸਤਾਂ ਕਿਹਾ ਜਾਂਦਾ ਹੈ।
18ਵੀਂ ਸਦੀ ਦੌਰਾਨ, ਜਦੋਂ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਅਤੇ ਪੰਜਾਬ ਵਿੱਚ ਸਿੱਖ ਮਿਸਲਾਂ ਦੀ ਤਾਕਤ ਵਧ ਰਹੀ ਸੀ, ਤਦ ਫੁਲਕੀਆਂ ਵੰਸ਼ ਦੇ ਸਰਦਾਰਾਂ ਨੇ ਆਪਣੀ ਅਲੱਗ ਪਛਾਣ ਬਣਾਈ।
ਨਾਭਾ ਰਿਆਸਤ ਦੀ ਨੀਂਹ 1763 ਵਿੱਚ ਰਾਜਾ ਹਮੀਰ ਸਿੰਘ ਨੇ ਰੱਖੀ। ਉਹ ਬਾਬਾ ਫੂਲ ਸਿੰਘ ਦੇ ਵੰਸ਼ਜ ਸਨ ਅਤੇ ਪਟਿਆਲਾ ਦੇ ਸਥਾਪਕ ਮਹਾਰਾਜਾ ਆਲਾ ਸਿੰਘ ਦੇ ਸਬੰਧੀ ਵੀ ਸਨ। ਉਹਨਾਂ ਨੇ ਨਾਭਾ ਰਿਆਸਤ ਨੂੰ ਬਾਰਾਂ ਖਿਲਰੇ ਹੋਏ ਇਲਾਕਿਆਂ ਨੂੰ ਜੋੜ ਕੇ ਬਣਾਇਆ। ਰਾਜਾ ਹਮੀਰ ਸਿੰਘ ਨੇ ਆਪਣੇ ਇਲਾਕੇ ਨੂੰ ਸੁਤੰਤਰ ਰਿਆਸਤ ਵਜੋਂ ਸਥਾਪਿਤ ਕਰਕੇ ਨਾਭਾ ਨੂੰ ਰਾਜਧਾਨੀ ਬਣਾਇਆ।
ਇਹ ਸਥਾਪਨਾ ਸਿਰਫ਼ ਇਕ ਐਲਾਨ ਨਹੀਂ ਸੀ, ਸਗੋਂ ਲੰਮੇ ਸੰਘਰਸ਼ਾਂ, ਜੰਗਾਂ ਅਤੇ ਕੂਟਨੀਤਿਕ ਸਮਝੌਤਿਆਂ ਦਾ ਨਤੀਜਾ ਸੀ। ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਜਸਵੰਤ ਸਿੰਘ ਨੇ 1790-1840 ਤੱਕ ਰਾਜ ਕੀਤਾ।
ਪਹਿਲੀ ਐਂਗਲੋ-ਸਿੱਖ ਜੰਗ (1845-46) ਤੋਂ ਬਾਅਦ ਪੰਜਾਬ ਦੀਆਂ ਰਿਆਸਤਾਂ ਉੱਤੇ ਅੰਗਰੇਜ਼ਾਂ ਦਾ ਦਬਦਬਾ ਰਿਹਾ ਅਤੇ ਰਾਜ ਗੱਦੀਆਂ ਉੱਤੇ ਭਾਵੇਂ ਪੰਜਾਬੀ ਰਾਜੇ ਸਨ ਪਰ ਰਿਆਸਤਾਂ ਬ੍ਰਿਟਿਸ਼ ਨਿਗਰਾਨੀ ਹੇਠ ਰਹੀਆਂ।
1911 ਵਿੱਚ, ਮਹਾਰਾਜਾ ਹੀਰਾ ਸਿੰਘ (Maharaja Heera Singh) ਦੀ ਮੌਤ ਤੋਂ ਬਾਅਦ ਫੇਰ ਮਹਾਰਾਜਾ ਦੀ ਉਪਾਧੀ ਮਹਾਰਾਜਾ ਰਿਪੁਦਮਨ ਸਿੰਘ ਨੇ ਸੰਭਾਲੀ, ਜਿਸਨੂੰ ਬਾਅਦ ਵਿੱਚ ਸਰਦਾਰ ਗੁਰਚਰਨ ਸਿੰਘ ਵਜੋਂ ਜਾਣਿਆ ਜਾਂਦਾ ਸੀ, ਨਾਭਾ ਰਿਆਸਤ ਦਾ ਮਹਾਰਾਜਾ ਸੀ , ਜੋ ਕਿ ਬ੍ਰਿਟਿਸ਼ ਰਾਜ ਦੌਰਾਨ ਇੱਕ ਛੋਟੀ ਜਿਹੀ ਰਿਆਸਤ ਰਹਿ ਗਿਆ ਸੀ। ਰਿਪੁਦਮਨ ਸਿੰਘ ਨੇ 8 ਜੁਲਾਈ 1923 ਨੂੰ ਨਾਭਾ ਦੀ ਗੱਦੀ ਤਿਆਗ ਦਿੱਤੀ। ਰਿਪੁਦਮਨ ਸਿੰਘ ਦੀ ਸਭ ਤੋਂ ਵੱਡੀ ਪਛਾਣ ਇਹ ਸੀ ਕਿ ਉਹ ਬ੍ਰਿਟਿਸ਼ ਸਰਕਾਰ ਦੇ ਅੰਧ ਅਨੁਸਰਣਕਾਰੀ ਨਹੀਂ ਸਨ। ਉਹ ਸਿੱਖ ਰਿਆਸਤਾਂ ਦੀ ਆਜ਼ਾਦ ਸੋਚ ਅਤੇ ਗੌਰਵ ਨੂੰ ਬਚਾਉਣਾ ਚਾਹੁੰਦੇ ਸਨ। ਇਸ ਕਰਕੇ ਬ੍ਰਿਟਿਸ਼ ਹਕੂਮਤ ਨਾਲ ਉਨ੍ਹਾਂ ਦੇ ਸੰਬੰਧ ਤਣਾਓਪੂਰਨ ਰਹੇ। ਆਖ਼ਿਰਕਾਰ, ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਰਾਜਗੱਦੀ ਤੋਂ ਹਟਾ ਦਿੱਤਾ। ਜਿਸ ਕਾਰਨ ਜੈਤੋ ਮੋਰਚਾ ਲੱਗਾ। ਜਦੋਂ ਉਸਨੂੰ ਬ੍ਰਿਟਿਸ਼ ਦੁਆਰਾ ਗੱਦੀਓਂ ਲਾ ਦਿੱਤਾ ਗਿਆ ਸੀ। ਬਾਅਦ ਵਿੱਚ ਉਹ ਇੱਕ ਭਾਰਤੀ ਇਨਕਲਾਬੀ ਬਣ ਗਿਆ ਅਤੇ 1942 ਨੂੰ ਤਾਮਿਲਨਾਡੂ ਦੇ ਕੋਡੈਕਨਾਲ (Madras Presidency, British India) ਵਿੱਚ ਮੌਤ ਹੋ ਗਈ।
1947 ਵਿੱਚ ਭਾਰਤ ਦੇਸ਼ ਸੁਤੰਤਰ ਹੋ ਗਿਆ ਸੀ ਅਤੇ 1948 ਤੱਕ, ਸਾਰੀਆਂ ਰਾਜਸ਼ਾਹੀ ਰਿਆਸਤਾਂ ਤੇ ਰਾਜੇ ਭਾਰਤ ਵਿੱਚ ਸ਼ਾਮਲ ਹੋ ਗਏ ਸਨ , ਫੁਲਕੀਆਂ ਰਾਜਵੰਸ਼ ਦੇ ਸ਼ਾਹੀ ਪਰਿਵਾਰਾਂ ਨੇ 1971 ਤੱਕ ਭਾਰਤ ਵਿੱਚ ਆਪਣੇ ਸ਼ਾਹੀ ਖਿਤਾਬ ਬਰਕਰਾਰ ਰੱਖੇ, ਜਦੋਂ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਵਿੱਚ 26ਵੇਂ (indian constitution 26th amendment )ਸੋਧ ਨਾਲ ਖਤਮ ਕਰ ਦਿੱਤਾ ਗਿਆ।
ਤੁਹਾਡੀ ਇਸ article ਬਾਰੇ ਕੀ ਰਾਏ ਹੈ, comment ਕਰਕੇ ਜਰੂਰ ਦੱਸੋ।
No comments:
Post a Comment
Please do not enter any spam link in the comment box.