ਕਈ ਰਾਹ ਐਸੇ ਹੁੰਦੇ ਹਨ ਕਿ ਕਦੇ ਨਹੀਂ ਮੁੱਕਦੇ। ਜਿੱਥੇ ਲੱਗਣ ਲੱਗਦਾ ਹੈ ਕਿ ਬਸ! ਹੁਣ ਖਤਮ ਹੋਣ ਵਾਲਾ ਹੈ, ਉੱਥੇ ਹੀ ਮੋੜ ਤੋਂ ਫ਼ੇਰ ਰਾਹ ਦਾ ਇੱਕ ਹੋਰ ਸਿਰਾ ਸ਼ੁਰੂ ਹੋ ਜਾਂਦਾ ਹੈ। ਜਿੰਦਗੀ ਹੈ, ਭਾਵੇਂ ਰਾਹ ਹੈ, ਦੋਵੇਂ ਜਦੋਂ ਇੱਕ ਰਾਹ ਉੱਤੇ ਤੁਰਨਾ ਸ਼ੁਰੂ ਕਰਦੇ ਹਨ, ਤਾਂ ਮਿੱਟੀ- ਧੂੜ, ਕਦੇ ਪੱਕੀ ਬਜਰੀ - ਸੀਮਿੰਟ ਲੁੱਕ ਦੇ ਰਾਹ ਵਰਗੀ ਸਖਤ ਨਿਕਲਦੀ ਹੈ, ਕਦੇ ਜ਼ਿੰਦਗੀ ਸਸਪੈਂਸ, ਮੋੜ ਤੋਂ ਫ਼ੇਰ ਮੋੜ ਵਰਗੀ, ਕਦੇ ਤੇਜ਼ ਰਫ਼ਤਾਰ ਨਾਲ ਚੱਲਦੇ ਵਾਹਨਾਂ ਵਰਗੀ ਜ਼ਿੰਦਗੀ ਹੋ ਗੁਜ਼ਰਦੀ ਹੈ। ਜਿੱਥੇ ਖਲੋ ਕੇ ਇੱਕ ਮਿੰਟ ਵੀ ਜੇਕਰ ਖੜ੍ਹ ਕੇ ਸੋਚਣ ਦੀ ਸੋਚਾਂ, ਤਾਂ ਇਹ ਮੁਮਕਿਨ ਨਹੀਂ ਹੈ। ਪਾਣੀ ਦੇ ਵਹਾਅ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਇਹ ਆਪਣੇ ਆਪ ਨੂੰ ਵਾਧੂ, ਫਾਲਤੂ ਦੀ ਮਿਹਨਤ ਵਿੱਚ ਪਾਉਣ ਵਾਲਾ ਕੰਮ ਹੈ, ਜਿਸਦਾ ਰਿਜ਼ਲਟ ਕਿ ਵੇਗ ਉੱਤੇ ਉਲਟ ਹੱਥ- ਪੈਰਾਂ ਮਾਰਨਾ ਬੇਵਕੂਫ਼ੀ ਹੈ। ਇਸ ਔਪਸ਼ਨ ਦੇ ਉਲਟ ਵੀ ਦੋ ਔਪਸ਼ਨ ਹਨ - ਜਾਂ ਆਪਣੇ ਆਪ ਨੂੰ ਜ਼ਿੰਦਗੀ ਤੇ ਦੁਨੀਆਦਾਰੀ ਦੇ ਵੇਗ ਸਹਾਰੇ ਛੱਡ ਦੇਣਾ, ਜਾਂ ਉਸ ਵੇਗ ਨਾਲ ਤੁਰਨਾ, ਪਰ ਆਪਣੇ ਹੱਥਾਂ ਪੈਰਾਂ ਦਾ ਚੱਪਾ ਬਣਾ ਕੇ ਰਾਹ ਵਿੱਚ ਆਉਂਦੇ ਝਾੜ, ਚੱਟਾਨਾਂ ਤੋਂ ਬਚਾਉਣਾ ਵੀ, ਅੱਖਾਂ ਬੰਦ ਕਰਕੇ ਪਾਣੀ ਦੇ ਵੇਗ ਉੱਤੇ ਵੀ ਭਰੋਸਾ ਨਹੀਂ ਕਰਨਾ।
ਕੁਝ ਰਾਹ ਇੰਨੇ ਲੰਮਾ ਹੋ ਜਾਂਦੇ ਨੇ ਕਿ ਤੁਰਦੇ ਤੁਰਦੇ ਹੁਣ ਇਹੀ ਭਰਮ ਹੋਣ ਲੱਗਿਆ ਹੈ ਕਿ ਕਿਤੇ ਮੈਂ ਸਿੱਧੇ ਰਾਹ ਦੀ ਬਜਾਏ ਕਿਸੇ ਗੋਲੇ ਵਿੱਚ ਹੀ ਤਾਂ ਨਹੀਂ ਘੁੰਮੀ ਜਾ ਰਹੀ। ਕਿਉਂਕਿ ਸਾਰਾ ਕੁਝ ਓਹੀ ਹੈ ਨਕਸ਼। ਕੁਝ ਦੂਰੀ ਉੱਤੇ ਜਾਕੇ ਮੌਸਮ, ਰੁੱਤਾਂ, ਸੁਭਾਅ, ਨੈਣ ਨਕਸ਼, ਲੋਕ, ਫੁੱਲ ਬੂਟੇ, ਰੁੱਖ ਬਦਲਦੇ ਹਨ ਅਤੇ ਸੋਚਣ ਤੇ ਸਮਝਣ ਅਤੇ ਮਹਿਸੂਸ ਕਰਨ ਦੇ ਢੰਗ ਵੀ....।
ਹਰ ਰਾਹ ਤੋਂ ਹਰ ਕੋਈ ਮੰਜ਼ਿਲ ਭਾਲਦਾ ਹੈ,
ਕਦੇ ਮਿੱਟੀ ਸਨੇ ਪੈਰਾਂ ਹੇਠਾਂ ਧਰਤ ਨਹੀਂ ਖੰਗਾਲਦਾ
ਬਿਨ ਪਾਣੀ ਦੇ ਤਪਦੀ ਮਿੱਟੀ ਰੇਤ ਹੁੰਦੀ
ਕਿਉਂ ਨੀ ਕੋਈ ਮਿੱਟੀ ਮਿੱਟੀ ਦਾ ਫ਼ਰਕ ਪਛਾਣਦਾ,
ਬੱਦਲਾਂ ਬੱਦਲਾਂ ਦਾ ਵੀ ਵੇਖ ਜ਼ਰਾ ਕੁ
ਕਿੰਨਾ ਕਿੰਨਾ ਫ਼ਰਕ ਏ
ਸ਼ਾਹ ਕਾਲੇ ਹਨ੍ਹੇਰ ਬਣ ਆਵਣ
ਚਿੱਟੇ ਘੋੜੇ ਦਿਖਦੇ ਕਦੇ ਸੁਹਾਵਣੇ
ਦਿਲ ਨੂੰ ਆਪਣਾ ਦਿਲ ਦੇ ਜਾਵਣ।
ਸੁਗਮ ਬਡਿਆਲ🌙🌻
No comments:
Post a Comment
Please do not enter any spam link in the comment box.