September 04, 2026

ਹਰ ਕੋਈ ਇੱਕ ਚੰਨ ਹੈ


ਅਕਾਸ਼ ਗੰਗਾ ਦੇ ਆਰ-ਪਾਰ,
 ਬ੍ਰਹਿਮੰਡ ਦੇ ਨੀਲੇ ਵਿਸਥਾਰ ਵਿੱਚ,
 ਹਰ ਕੋਈ ਇੱਕ ਚੰਨ ਹੈ—
 ਹਰ ਤਾਰੇ ਦੇ ਕੋਲ
 ਉਸਦਾ ਆਪਣਾ ਇੱਕ ਚੰਨ ਹੈ।
ਹਰ ਕੋਈ ਵੱਖਰਾ ਹੈ,
 ਤਾਸੀਰ ਵੱਖਰੀ,
 ਤਸਵੀਰ ਵੱਖਰੀ,
 ਰੰਗ ਵੱਖਰੇ, ਰੂਪ ਵੱਖਰੇ,
 ਸੁਭਾਅ ਵੀ ਆਪਣਾ—
 ਅਨੋਖਾ, ਅਦਭੁੱਤ ਤੇ ਅਸੀਮ।
ਹਰ ਧੀਰ ਵੀ ਖ਼ੂਬਸੂਰਤ ਹੈ,
 ਧਰਤੀ ਉੱਤੋਂ ਦਿਸਦੇ
 ਉਹ ਚਿੱਟੇ-ਚਿੱਟੇ ਮੋਤੀ,
 ਜਿਵੇਂ ਚੰਨ ਦੇ ਤਾਜ ਉੱਤੇ
 ਜੜੇ ਹੋਏ ਨਗੀਨੇ ਹੋਣ।
ਹਰ ਉਲਕਾ ਇੱਕ ਮੋਤੀ ਹੈ,
 ਹਰ ਮੋਤੀ ਅੰਦਰ
 ਇੱਕ Protostar ਸੁੱਤਾ ਪਿਆ ਹੈ—
 ਆਪਣੀ ਹੀ ਰੌਸ਼ਨੀ ਦਾ ਬੀਜ
 ਸੀਨੇ ਵਿੱਚ ਸਾਂਭੀ,
 ਇੱਕ ਨਵੇਂ ਸੂਰਜ ਬਣਨ ਦੀ
 ਉਡੀਕ ਵਿੱਚ।
ਹਰ ਕੋਈ ਵੱਖਰਾ ਜਿਹਾ,
 ਮਣਕਿਆਂ ਦੀ ਮਾਲਾ ਵਿੱਚ
 ਜੜੇ ਕਿਸੇ ਲੋਕੇਟ ਵਰਗਾ—
 ਕਿਸੇ ਦੀ ਚਮਕ ਨਿਰਾਲੀ,
 ਕਿਸੇ ਦਾ ਰੰਗ ਅਨੂਠਾ,
 ਕਿਸੇ ਦੀ ਤਾਸੀਰ ਗਹਿਰੀ,
 ਤੇ ਕਿਸੇ ਦੇ ਸੀਨੇ ਅੰਦਰ
 ਇੱਕ ਜ਼ਖ਼ਮ-ਸਿਤਾਰਾ
 ਚੁੱਪਚਾਪ ਚਮਕਦਾ ਹੈ।
ਉਹੀ ਜ਼ਖ਼ਮ,
 ਜਦੋਂ ਰੌਸ਼ਨੀ ਬਣਦਾ ਹੈ,
 ਤਾਂ ਤਾਰਾ-ਮੰਡਲ ਵਿੱਚ
 ਆਪਣਾ ਸਿੰਘਾਸਨ ਸਜਾਉਂਦਾ ਹੈ—
Supergiant Star ਬਣ ਕੇ।
ਉਹ ਕੇਵਲ ਆਕਾਸ਼ ਦਾ ਤਾਰਾ ਨਹੀਂ,
 ਉਹ ਆਪਣੀ ਹਸਤੀ ਦਾ ਐਲਾਨ ਹੈ—
 ਕਿ ਵਿਸ਼ਾਲ ਹੋਣ ਲਈ
 ਕਿਸੇ ਹੋਰ ਵਰਗਾ ਬਣਨਾ ਜ਼ਰੂਰੀ ਨਹੀਂ।
ਕਿਉਂਕਿ—
ਹਰ ਤਾਰਾ ਆਪਣੀ ਥਾਂ ਪੂਰਾ ਹੈ,
 ਹਰ ਰੌਸ਼ਨੀ ਦੀ ਆਪਣੀ ਕਹਾਣੀ ਹੈ,
 ਹਰ ਚੰਨ ਦਾ ਆਪਣਾ ਆਕਾਸ਼ ਹੈ,
 ਅਤੇ ਹਰ ਇਨਸਾਨ…
 ਆਪਣੇ ਆਪ ਵਿੱਚ
 ਇੱਕ ਵੱਖਰਾ ਬ੍ਰਹਿਮੰਡ ਹੈ।
— ਸੁਗਮ ਬਡਿਆਲ






No comments:

Post a Comment

Please do not enter any spam link in the comment box.