October 31, 2026

ਇੱਕ ਖ਼ਤ ਰੱਬ ਦੇ ਨਾਮ / Ikk khat rabb de naam

ਕੋਈ ਕਾਸਿਦ ਮੇਰਾ ਪਤਾ ਲੈ ਜਾਵੇ,
ਜਾ ਕੇ ਉਸ ਅੱਲ੍ਹਾ ਦੇ ਦਰ 'ਤੇ ਸੁਣਾਵੇ,
ਕਿ ਇੱਕ ਬੰਦਾ ਹੈ ਦੁਨੀਆ ਦੇ ਮੇਲੇ ਵਿੱਚ,
ਜੋ ਹੱਸਦਾ ਤਾਂ ਹੈ, ਪਰ ਅੰਦਰੋਂ ਮੁੱਕਦਾ ਜਾਵੇ।

ਆਪਣੇ ਦੁਖੜਿਆਂ ਦੀ ਕਿਤਾਬ ਲਿਖ ਭੇਜੀ ਏ,
ਹਰ ਵਰਕੇ 'ਤੇ ਇੱਕ ਹੰਝੂ ਟਿਕਾ ਦਿੱਤਾ ਏ,
ਕੁਝ ਦਰਦ ਉਹ ਵੀ ਨੇ ਜੋ ਲਿਖੇ ਨਹੀਂ ਜਾਂਦੇ,
ਕੁਝ ਜ਼ਖ਼ਮਾਂ ਨੂੰ ਚੁੱਪ ਦਾ ਕਫ਼ਨ ਪਾ ਦਿੱਤਾ ਏ।

ਕਹੀਂ...
ਉਸਨੂੰ ਥੋੜ੍ਹਾ ਸਮਾਂ ਲੈ ਕੇ,
ਇਸ ਉੱਤੇ ਵੀ ਗ਼ੌਰ ਕਰੀਂ,
ਹਰ ਵਾਰ ਇਮਤਿਹਾਨ ਨਾ ਲਵੀਂ ਮੇਰਾ,
ਕਦੇ ਮੇਰੀਆਂ ਦੁਆਵਾਂ ਦਾ ਵੀ ਜ਼ਿਕਰ ਕਰੀਂ।

ਕਹੀਂ, ਮੈਂ ਸ਼ਿਕਵਾ ਤਾਂ ਕੋਈ ਕੀਤਾ ਨਹੀਂ,
ਬਸ ਚੁੱਪ ਰਹਿ ਕੇ ਸਭ ਕੁਝ ਸਹਿ ਲਿਆ ਏ,
ਜੋ ਮੰਗਿਆ ਸੀ, ਉਹ ਵੀ ਨਸੀਬ ਨਾ ਹੋਇਆ,
ਜੋ ਮਿਲਿਆ ਏ, ਉਸਨੂੰ ਵੀ ਰੱਬ ਕਹਿ ਲਿਆ ਏ।

ਹੁਣ ਹੋਰ ਕਿੰਨੇ ਸਬਰ ਦੇ ਪੰਨੇ ਲਿਖਾਂ,
ਕਿੰਨੀਆਂ ਰਾਤਾਂ ਨੂੰ ਹੰਝੂਆਂ ਨਾਲ ਸਿਉਂਵਾਂ,
ਜੇ ਮੇਰੀ ਖ਼ਾਮੋਸ਼ੀ ਵੀ ਤੈਨੂੰ ਸੁਣਦੀ ਏ,
ਤਾਂ ਦੱਸੀਂ ਮਾਲਕਾ, ਮੈਂ ਹੋਰ ਕਿੰਨਾ ਚੁੱਪ ਰਹਾਂ?

ਬਸ ਇੱਕ ਵਾਰ ਮੇਰੇ ਹਾਲ 'ਤੇ ਨਜ਼ਰ ਕਰੀਂ,
ਮੇਰੇ ਅੰਦਰਲੇ ਸ਼ੋਰ ਨੂੰ ਵੀ ਸੁਣੀਂ,
ਮੈਂ ਤੇਰੇ ਕੋਲੋਂ ਜੰਨਤ ਨਹੀਂ ਮੰਗਦਾ,
ਬਸ ਜਿਊਣ ਜੋਗਾ ਸਕੂਨ ਦੇ ਦੇਵੀਂ।

ਤੇ ਜੇ ਮੇਰੀ ਕਿਸਮਤ ਵਿੱਚ ਖ਼ੁਸ਼ੀਆਂ ਘੱਟ ਨੇ,
ਤਾਂ ਮੇਰੇ ਹਿੱਸੇ ਦਾ ਹੌਸਲਾ ਵਧਾ ਦੇਵੀਂ,
ਮੈਂ ਦੁਨੀਆ ਅੱਗੇ ਹਾਰ ਮੰਨ ਵੀ ਲਵਾਂ,
ਪਰ ਮਾਲਕਾ, ਤੂੰ ਮੇਰਾ ਹੱਥ ਨਾ ਛੱਡੀਂ...!


No comments:

Post a Comment

Please do not enter any spam link in the comment box.